ਲੋਕਧਾਰਾ ਦੇ ਟੱਪੇ / Lokdhara De Tappe


(18/05/2011)
.
ਫੀਤੀ ,
ਰੋਟੀਆਂ ਦੀ ਮੌਜ ਲੱਗ ਗਈ;
ਸਾਡੇ ਜੇਠ ਨੇ ਸਾਧਣੀ ਕੀਤੀ |

ਮੇਵੇ,
ਬੋਤਾ ਲਿਆਵੀਂ ਉਹ ਮਿੱਤਰਾ ;
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ |

ਅੜਕੇ,
ਬੋਤਾ ਹੌਲੀ ਤੋਰ ਮਿੱਤਰਾ;
ਮੇਰਾ ਨਰਮ ਕਾਲਜਾ ਧੜਕੇ |

ਦਾਣੇ,
ਕਾਲਜੇ ਨੂੰ ਬੈਠ ਫੜਕੇ;
ਬੋਤਾ ਹੌਲੀ ਨਾ ਤੁਰਨ ਮੇਰਾ ਜਾਣੇ|

ਕੇਲੇ,
ਮੁੰਡਾ ਤੇਰਾ ਮੈਂ ਚੁੱਕ ਲਊਂ;
ਚੱਲ ਚੱਲੀਏ ਜਰਗ ਦੇ ਮੇਲੇ |

ਆਉਣਾ ,
ਨਾਵਾਂ ਨਾ ਤੁੜਾਵੀਂ ਰਾਂਝਣਾ;
ਅਸਾਂ ਤੇਰੀ ਵੇ ਖੱਟੀ ਦਾ ਬੰਦ ਪਾਉਣਾ |

ਪੱਖੀਆਂ ,
ਮਾਪਿਆਂ ਨੇ ਰੱਖੀ ਲਾਡਲੀ ;
ਸਹੁਰੇ ਘਰ ਵੇ ਪਿਹਾਈਆਂ ਚੱਕੀਆਂ |



(15/05/2011)

ਪਾਵੇ
ਬੋਲੀਆਂ ਦੇ ਪੁਲ ਬੰਨ੍ਹਦੀ ;
ਮੈਨੂੰ ਹਾਏ ਨਚਣਾ ਨਾ ਆਵੇ |

ਪਾਵੇ,
ਗੱਡੀ ਵਿਚੋਂ ਲੱਤ ਲਮਕੇ ,
ਕੋਈ ਕੂੰਜ ਚੱਲੀ ਮੁਕਲਾਵੇ |

ਪਾਵੇ,
ਉੱਡਦੀ ਧੂੜ ਦਿਸੇ ;
ਬੋਤਾ ਮਾਹੀ ਦਾ ਨਜਰ ਨਾ ਆਵੇ |

ਪਾਵੇ,
ਸਹੁਰਿਆਂ ਦਾ ਪਿੰਡ ਆ ਗਿਆ ;
ਮੈਨੂੰ ਘੁੰਡ ਕਢਣਾ ਨਾ ਆਵੇ |

ਮਣਕੇ,
ਮਾਪਿਆਂ ਨੇ ਨਹੀਓਂ ਤੋਰਨੀ ;
ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣਕੇ |

ਅੜੀਏ,
ਪਾਣੀਆਂ ਨੂੰ ਅੱਗ ਲੱਗ ਜੂ ,
ਘੁੰਡ ਕਢ ਲੈ ਪੱਤਨ ਤੇ ਖੜੀਏ |

ਥਾਲੀ,
ਭਾਵੇਂ ਤੇਰੀ ਮਹਿੰ ਵਿਕ ਜੇ ;
ਜੁੱਤੀ ਲੈਣੀ ਐਂ ਤਾਰਿਆਂ ਵਾਲੀ |

ਗਹਿਣਾ,
ਜੇ ਰੱਖਣਾ ਤਾਂ ਤੇਰੀ ਮਰਜ਼ੀ ,
ਅਸਾਂ ਕਿਸੇ ਦਾ ਰੋਹਬ ਨਾ ਸਹਿਣਾ |

ਢ਼ੇਰੇ,
ਦਾਤੀ ਨੂੰ ਲਵਾ ਦੇ ਘੁੰਗਰੂ;
ਵਾਢੀ ਕਰੂੰਗੀ ਬਰੋਬਰ ਤੇਰੇ |

ਢੇਰ ,
ਝਾਂਜਰਾਂ ਘੜਾ ਦੇ ਹਾਣੀਆਂ ;
ਅੱਡੀ ਮਾਰ ਕੇ ਲੰਘੂੰਗੀ ਘਰ ਤੇਰਾ |

ਮੱਖਣਾ ,
ਸਹੁਰੀਂ ਜਾ ਕੇ ਦੋ ਦੋ ਪਿੱਟਣੇ;
ਘੁੰਡ ਕਢਣਾ ,ਤਵੀਤ ਨੰਗਾ ਰੱਖਣਾ |

ਤਾਰੇ,
ਜੋਗੀਆਂ ਨੂੰ ਬੀਨ ਭੁੱਲ ਗਈ ;
ਮੇਰੀ ਗੁੱਤ ਨੇ ਫਰਾਟੇ ਮਾਰੇ |